ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
bidi-aa soDhai tat lahai raam naam liv laa-ay.
By reflecting on the knowledge, he realizes the essence of reality and focuses his mind on God’s Name.
ਉਹ ਵਿੱਦਿਆ ਦੀ ਰਾਹੀਂ ਅਸਲੇ ਦੀ ਵਿਚਾਰ ਕਰਦਾ ਹੈ, ਅਤੇ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜਦਾ ਹੈ।
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥
manmukh bidi-aa bikardaa bikh khatay bikh khaa-ay.
A teacher who is self-willed, is simply using his knowledge to earn his living; he simply earns and consumes the worldly wealth, a poison for spiritual life.
ਜਿਹੜਾ ਪਾਂਧਾ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਵਿੱਦਿਆ ਨੂੰ (ਸਿਰਫ਼) ਵੇਚਦਾ ਹੀ ਹੈ (ਭਾਵ, ਸਿਰਫ਼ ਆਜੀਵਕਾ ਲਈ ਵਰਤਦਾ ਹੈ। ਵਿਦਿਆ ਦੇ ਵੱਟੇ ਆਤਮਕ ਮੌਤ ਲਿਆਉਣ ਵਾਲੀ) ਮਾਇਆ-ਜ਼ਹਿਰ ਹੀ ਖੱਟਦਾ ਕਮਾਂਦਾ ਹੈ।
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥
moorakh sabad na cheen-ee soojh boojh nah kaa-ay. ||53||
That fool does not ponder over the Guru’s word, and has no understanding or comprehension of Guru’s word. ||53||
ਉਹ ਮੂਰਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਸ਼ਬਦ ਦੀ ਸੁਧ-ਬੁਧ ਉਸ ਨੂੰ ਰਤਾ ਭੀ ਨਹੀਂ ਹੁੰਦੀ ॥੫੩॥
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥
paaDhaa gurmukh aakhee-ai chaatrhi-aa mat day-ay.
That teacher is known as Guru’s follower, who imparts this righteous wisdom or understanding to his disciples,
ਉਹ ਪਾਂਧਾ ਗੁਰਮੁਖਿ ਆਖਣਾ ਚਾਹੀਦਾ ਹੈ, ਜੋ ਆਪਣੇ ਸ਼ਾਗਿਰਦਾਂ ਨੂੰ ਇਹ ਸਿੱਖਿਆ ਦੇਂਦਾ ਹੈ,
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥
naam samaalahu naam sangrahu laahaa jag meh lay-ay.
by teaching the students to contemplate on God’s Name and amass the wealth of Naam; in this way, the teacher earns the reward of God’s Name in the world.
ਹੇ ਵਿੱਦਿਆਰਥੀਓ!) ਪ੍ਰਭੂ ਦਾ ਨਾਮ ਜਪੋ ਅਤੇ ਨਾਮ-ਧਨ ਇਕੱਠਾ ਕਰੋ ਤੇ ਇਸ ਤਰਾਂ (ਉਹ ਪਾਂਧਾ) ਦੁਨੀਆ ਵਿਚ (ਅਸਲ) ਨਫ਼ਾ ਖੱਟਦਾ ਹੈ।
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥
sachee patee sach man parhee-ai sabad so saar.
The real teaching is that, through which the eternal God manifests in the mind; (to impart such teaching, the teacher) should study the Guru’s sublime word.
ਸੱਚਾ ਪ੍ਰਭੂ ਮਨ ਵਿਚ ਵੱਸ ਪੈਣਾ-ਇਹੀ ਸੱਚੀ ਪੱਟੀ ਹੈ (ਜੋ ਪਾਂਧਾ ਆਪਣੇ ਚਾਟੜਿਆਂ ਨੂੰ ਪੜ੍ਹਾਏ) (ਪ੍ਰਭੂ ਨੂੰ ਹਿਰਦੇ ਵਿਚ ਵਸਾਣ ਲਈ) ਸਤਿਗੁਰੂ ਦਾ ਸ੍ਰੇਸ਼ਟ ਸ਼ਬਦ ਪੜ੍ਹਨਾ ਚਾਹੀਦਾ ਹੈ।
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥
naanak so parhi-aa so pandit beenaa jis raam naam gal haar. ||54||1||
O’ Nanak, that person alone is a learned and wise pundit who enshrines God in his heart, as if he wears the necklace of God’s Name around his neck. ||54||1||
ਹੇ ਨਾਨਕ! ਉਹੀ ਮਨੁੱਖ ਵਿਦਵਾਨ ਹੈ ਉਹੀ ਪੰਡਿਤ ਹੈ ਤੇ ਸਿਆਣਾ ਹੈ ਜਿਸ ਦੇ ਗਲ ਵਿਚ ਪ੍ਰਭੂ ਦਾ ਨਾਮ-ਰੂਪ ਹਾਰ ਹੈ ( ਭਾਵ ਪ੍ਰਭੂ ਨੂੰ ਮਨ ਵਿਚ ਵਸਾਉਂਦਾ ਹੈ) ॥੫੪॥੧॥
ਰਾਮਕਲੀ ਮਹਲਾ ੧ ਸਿਧ ਗੋਸਟਿ
raamkalee mehlaa 1 siDh gosat
Raag Raamkalee, First Guru, Sidh Gosht ~ Conversations With The Siddhas:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru.
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥
siDh sabhaa kar aasan baithay sant sabhaa jaikaaro.
The yogies, forming an assembly, sat in their Yogic postures, and proclaimed victory to the gathering of saints.
(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ ‘ਰੱਬੀ ਮਜਲਸ’ (ਸਤਸੰਗ) ਬਣਾ ਕੇ ਅਡੋਲ ਬੈਠੇ ਹਨ;
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥
tis aagai rahraas hamaaree saachaa apar apaaro.
Guru Ji replies, my prayer is before that assembly of holy people in which God resides, who is infinite and limitless.
ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ।
ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥
mastak kaat Dharee tis aagai tan man aagai day-o.
I wish to surrender my ego before the assembly of saints and thus surrender my body and mind to them,
ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ,
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥
naanak sant milai sach paa-ee-ai sahj bhaa-ay jas lay-o. ||1||
O’ Nanak, we realize God when we meet and follow the teachings of Guru and can intuitively sing His praises. ||1||
(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਨਾਨਕ ਕਹਿੰਦੇ ਨੇ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥
ਕਿਆ ਭਵੀਐ ਸਚਿ ਸੂਚਾ ਹੋਇ ॥
ki-aa bhavee-ai sach soochaa ho-ay.
O’ yogis, what is the use of wandering around? Purity comes only by attuning to God,
(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ;
ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥
saach sabad bin mukat na ko-ay. ||1|| rahaa-o.
and without following the Guru’s true word, we cannot find liberation from vices. ||1||Pause||
(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ (“ਦੁਨੀਆ ਸਾਗਰ ਦੁਤਰ ਤੋਂ”) ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥
kavan tumay ki-aa naa-o tumaaraa ka-un maarag ka-un su-aa-o.
Charpat yogi asked: Who are you? What is your name? What is your sect? and What is the purpose of that sect?
(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥
saach kaha-o ardaas hamaaree ha-o sant janaa bal jaa-o.
Guru Ji humbly responded: I meditate on God and I pray to Him only, and I am dedicated to the holy people.
(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)।
ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥
kah baishu kah rahee-ai baalay kah aavhu kah jaaho.
The yogis asked: O’ young man, who is helping you stay so calm? who do you meditate on? where have you come from and where are you going?
(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ?
ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥
naanak bolai sun bairaagee ki-aa tumaaraa raaho. ||2||
Nanak says, Charpat asked, listen O’ detached one, what is your sect? ||2||
ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥
ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥
ghat ghat bais nirantar rahee-ai chaaleh satgur bhaa-ay.
Guru Ji replies, O’ Charpat, I remain absorbed in God, who resides in each and every heart and I follow the path shown by the true Guru.
(ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ।
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥
sehjay aa-ay hukam siDhaa-ay naanak sadaa rajaa-ay.
O’ Nanak, I have come into this world by natural way, have been sent here as per God’s command, and I always live as per His will.
ਹੇ ਨਾਨਕ! ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ।
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥
aasan baisan thir naaraa-in aisee gurmat paa-ay.
I have learnt from the Guru that it is God alone, who sits on the everlasting, imperishable throne.
(ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ।
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥
gurmukh boojhai aap pachhaanai sachay sach samaa-ay. ||3||
Only the Guru’s follower acquires spiritual knowledge, recognizes himself, and always remains absorbed in God. ||3||
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪੇ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੩॥
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥
dunee-aa saagar dutar kahee-ai ki-o kar paa-ee-ai paaro.
Charpat asks, that this world is called an impassable ocean. How can we cross over it?
(ਚਰਪਟ ਦਾ ਪ੍ਰਸ਼ਨ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ?
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥
charpat bolai a-oDhoo naanak dayh sachaa beechaaro.
Charpat Yogi says, O’ detached Nanak, think it over, and give us your true reply.
ਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ।
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥
aapay aakhai aapay samjhai tis ki-aa utar deejai.
Guru Ji replies, what answer can I give to someone, who himself asks and himself understands?
ਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ।
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥
saach kahhu tum paargaraamee tujh ki-aa baisan deejai. ||4||
Therefore, to tell you the truth, there is no need to argue with you, but if you meditate on God, you will be able to cross over the worldly ocean of vices. ||4||
(ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ ‘ਦੁਤਰੁ ਸਾਗਰੁ’ ਤੋਂ) ਪਾਰ ਲੰਘ ਜਾਉਗੇ ॥੪॥
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥
jaisay jal meh kamal niraalam murgaa-ee nai saanay.
O’ yogis, just as a lotus flower remains unaffected by the mud in water water in which it grows, and the duck remains unaffected by water in a river,
ਜਿਵੇਂ ਪਾਣੀ ਵਿਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ)
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
surat sabad bhav saagar taree-ai naanak naam vakhaanay.
similarly O’ Nanak, by focusing our attention on Guru’s word, and by meditating on God’s Name, we can swim across the dreadful worldly ocean of vices.
ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਸੁਰਤ (ਜੋੜ ਕੇ) ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥
raheh ikaaNt ayko man vasi-aa aasaa maahi niraaso.
Those who remain free of love for worldly desires while living in the world, and in whose mind God has manifested, remain detached from the world.
(ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਇਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿਚ ਵੱਸਦੇ ਹਨ।
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
agam agochar daykh dikhaa-ay naanak taa kaa daaso. ||5||
Nanak is a devotee of such a person who himself sees and shows others the incomprehensible and inaccessible God. ||5||
(ਅਜੇਹੇ ਜੀਵਨ ਵਾਲਾ ਜੋ ਮਨੁੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ ॥੫॥
ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥
sun su-aamee ardaas hamaaree poochha-o saach beechaaro.
Charpat asks, listen to my prayer, O’ Master. I want to know your true thoughts,
(ਚਰਪਟ ਦਾ ਪ੍ਰਸ਼ਨ:) ਹੇ ਸੁਆਮੀ! ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ;
ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥
ros na keejai utar deejai ki-o paa-ee-ai gur du-aaro.
please don’t mind, and answer, how do we find the Guru’s place (to realize God?
ਗੁੱਸਾ ਨਾਹ ਕਰਨਾ, ਉੱਤਰ ਦੇਣਾ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ? (ਭਾਵ, ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ)?
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥
ih man chalta-o sach ghar baisai naanak naam aDhaaro.
Nanak replies: When this mercurial mind stays attuned to God, O’ Nanak, then Naam becomes the support of life.
(ਉੱਤਰ:) (ਜਦੋਂ ਸੱਚ-ਮੁਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਦੋਂ) ਹੇ ਨਾਨਕ! ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ, (ਪ੍ਰਭੂ ਦਾ) ਨਾਮ (ਜ਼ਿੰਦਗੀ ਦਾ) ਆਸਰਾ ਹੋ ਜਾਂਦਾ ਹੈ।
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥
aapay mayl milaa-ay kartaa laagai saach pi-aaro. ||6||
We are inspired to love God only when the Creator Himself unites us with Him. ||6||
(ਪਰ ਇਹੋ ਜਿਹਾ) ਪਿਆਰ ਸੱਚੇ ਪ੍ਰਭੂ ਵਿਚ (ਤਦੋਂ ਹੀ) ਲੱਗਦਾ ਹੈ (ਜਦੋਂ) ਕਰਤਾਰ ਆਪ (ਜੀਵ ਨੂੰ) ਆਪਣੀ ਯਾਦ ਵਿਚ ਜੋੜ ਲੈਂਦਾ ਹੈ ॥੬॥
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥ ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ ॥
haatee baatee raheh niraalay rookh birakh udi-aanay. kand mool ahaaro khaa-ee-ai a-oDhoo bolai gi-aanay.
Yogi says, away from the world, we live in the woods, we eat fruits and roots. This is the way to spiritual wisdom as told by the Yogi Lohripa.
ਅਸੀਂ (ਦੁਨੀਆ ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿਚ ਕਿਸੇ ਰੁੱਖ-ਬਿਰਖ ਹੇਠ ਰਹਿੰਦੇ ਹਾਂ, ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ- ਜੋਗੀ (ਲੋਹਾਰੀਪਾ) ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ।